ਸੁਖਬਿੰਦਰ ਸਿੰਘ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸ. ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ
ਸੁਖਬਿੰਦਰ ਸਿੰਘ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸ. ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ
पंजाब

ਸੁਖਬਿੰਦਰ ਸਿੰਘ ਸਰਕਾਰੀਆ ਦੀ ਮੌਜੂਦਗੀ ’ਚ ਸ਼ਾਹਪੁਰਕੰਢੀ ਡੈਮ ਦੇ ਬਿਜਲੀ ਘਰਾਂ ਦੇ ਨਿਰਮਾਣ ਲਈ ਮੈਸ. ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ

news

ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਅੱਜ ਸ਼ਾਹਪੁਰਕੰਢੀ ਡੈਮ ਪ੍ਰਾਜੈਕਟ ਦੇ ਬਿਜਲੀ ਘਰਾਂ (ਪਾਵਰ ਹਾਊਸਿਜ਼) ਦੇ ਨਿਰਮਾਣ ਲਈ ਮੈਸਰਜ਼ ਓਮ ਇੰਫਰਾ ਲਿਮ. ਜੇ.ਵੀ. ਨਾਲ ਸਮਝੌਤਾ ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਪੰਜਾਬ ਦੇ ਜਲ ਸਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਅਤੇ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਸ੍ਰੀ ਸਰਵਜੀਤ ਸਿੰਘ ਦੀ ਮੌਜੂਦਗੀ ਵਿੱਚ ਮੈਸਰਜ਼ ਓਮ ਇੰਫਰਾ ਲਿਮ. ਜੇ.ਵੀ. ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਭਰਤ ਕੋਠਾਰੀ ਅਤੇ ਚੀਫ ਇੰਜਨੀਅਰ ਡੈਮਜ਼, ਪੰਜਾਬ ਸ੍ਰੀ ਐਸ ਕੇ ਸਲੂਜਾ ਵੱਲੋਂ ਸਹੀਬੱਧ ਕੀਤਾ ਗਿਆ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਓਮ ਇੰਫਰਾ ਲਿਮ. ਜੇ.ਵੀ. ਵੱਲੋਂ ਈਪੀਸੀ ਮੋਡ ’ਤੇ 621 ਕਰੋੜ ਰੁਪਏ ਦੀ ਲਾਗਤ ਨਾਲ ਮਾਰਚ, 2021 ਵਿੱਚ ਬਿਜਲੀ ਘਰਾਂ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ। ਇਸ ਕਾਰਜ ਨੂੰ 36 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਇਨਾਂ ਬਿਜਲੀ ਘਰਾਂ ਦੀ ਸਥਾਪਤ ਸਮਰੱਥਾ 206 ਮੈਗਾਵਾਟ (ਪੀਐਚ-I 3x33 ਐਮ.ਡਬਲਿਊ. ਪੀਐਚ- II 3x33 ਐਮ.ਡਬਲਿਊ. + 1 x 8 ਐਮ.ਡਬਲਿਊ) ਹੈ। ਇਨਾਂ ਪਾਵਰ ਹਾਊਸਾਂ ਦੇ ਇਲੈਕਟ੍ਰੋਮਕੈਨਿਕਲ ਵਰਕਸ ਪਹਿਲਾਂ ਹੀ ਪੀ.ਐਸ.ਪੀ.ਸੀ.ਐਲ. ਰਾਹੀਂ ਬੀ.ਐਚ.ਈ.ਐਲ. (ਭੇਲ) ਵੱਲੋਂ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ’ਤੇ ਸ਼ਾਹਪੁਰਕੰਢੀ ਡੈਮ ਪ੍ਰਾਜੈਕਟ 1042 ਐਮ.ਯੂ. ਸਾਲਾਨਾ ਬਿਜਲੀ ਉਤਪਾਦਨ ਕਰੇਗਾ, ਜਿਸ ਦੀ ਕੀਮਤ 415 ਕਰੋੜ ਰੁਪਏ ਬਣਦੀ ਹੈ।

ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਸ਼ਾਹਪੁਰਕੰਢੀ ਡੈਮ ਪ੍ਰਾਜੈਕਟ ਸੂਬੇ ਵਿੱਚ ਪ੍ਰਦੂਸ਼ਣ ਰਹਿਤ ਬਿਜਲੀ ਉਤਪਾਦਨ ਅਤੇ ਸਿੰਜਾਈ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਲਾਹੇਵੰਦ ਸਿੱਧ ਹੋਵੇਗਾ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਾਹਪੁਰਕੰਢੀ ਡੈਮ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਅਤੇ ਮੇਨ ਡੈਮ ਦਾ ਲਗਭਗ 60 ਫੀਸਦੀ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ।

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸਰਵਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਰਾਸ਼ਟਰੀ ਜੰਗਲੀ ਜੀਵ ਬੋਰਡ, ਨਵੀਂ ਦਿੱਲੀ ਵੱਲੋਂ ਹਾਲ ਹੀ ਵਿੱਚ ਜੰਮੂ ਕਸ਼ਮੀਰ ਵੱਲ ਪੈਂਦੇ ਖੇਤਰ ਲਈ ਜੰਗਲਾਤ ਅਤੇ ਜੰਗਲੀ ਜੀਵ ਸਬੰਧੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਅਸੀਂ ਮਾਰਚ ਮਹੀਨੇ ਤੱਕ ਜੰਮੂ-ਕਸ਼ਮੀਰ ਨਾਲ ਲਗਦੇ ਖੇਤਰ ਵਿੱਚ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਹੋ ਸਕੇ। ਇਸ ਨਾਲ ਪੰਜਾਬ ਅਤੇ ਜੰਮੂ ਕਸ਼ਮੀਰ ਦੇ 37000 ਹੈਕਟੇਅਰ ਰਕਬੇ ਨੂੰ ਸਿੰਜਾਈ ਸਹੂਲਤਾਂ ਮਿਲਣ ਤੋਂ ਇਲਾਵਾ ਹੋਰ ਵੀ ਕਈ ਲਾਭ ਮਿਲਣਗੇ।

ਚੀਫ ਇੰਜਨੀਅਰ ਡੈਮਜ਼, ਸ੍ਰੀ ਐਸ.ਕੇ. ਸਲੂਜਾ ਨੇ ਕਿਹਾ ਕਿ ਸੂਬੇ ਦਾ ਇਹ ਵੱਕਾਰੀ ਪ੍ਰਾਜੈਕਟ ਮੁਕੰਮਲ ਹੋਣ ’ਤੇ ਰਣਜੀਤ ਸਾਗਰ ਡੈਮ ਨੂੰ ਪੀਕਿੰਗ ਸਟੇਸ਼ਨ ਵਜੋਂ ਚਲਾਉਣ ਦੇ ਯੋਗ ਬਣਾਏਗਾ, ਜਿਸ ਨਾਲ 100 ਕਰੋੜ ਰੁਪਏ ਸਾਲਾਨਾ ਵਾਧੂੂ ਲਾਭ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਜ਼ਿਲਿਆਂ ਅਤੇ ਜੰਮੂ ਕਸ਼ਮੀਰ ਦੇ ਕਠੂਆ ਖੇਤਰ ਵਿੱਚ ਸੈਰ-ਸਪਾਟਾ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰੇਗਾ। ਇਸ ਮੌਕੇ ਚੀਫ ਇੰਜਨੀਅਰ ਡਿਜ਼ਾਈਨ ਸ੍ਰੀ ਐਨ.ਕੇ. ਜੈਨ ਅਤੇ ਚੀਫ ਇੰਜਨੀਅਰ ਨਹਿਰਾਂ-2 ਸ੍ਰੀ ਆਰ.ਐਸ. ਬੁੱਟਰ ਤੋਂ ਇਲਾਵਾ ਸ਼ਾਹਪੁਰਕੰਢੀ ਡੈਮ ਪ੍ਰਾਜੈਕਟ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।