ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
पंजाब

ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

news

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸ. ਧਰਮਸੋਤ ਨੇ ਕਿਹਾ ਕਿ ਸਰਦੂਲ ਸਿਕੰਦਰ ਦੇ ਤੁਰ ਜਾਣ ਨਾਲ ਕਲਾ ਜਗਤ ਦੇ ਨਾਲ-ਨਾਲ ਪੰਜਾਬੀ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਸਰਦੂਲ ਸਿਕੰਦਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।

ਬੀਤੇ ਦਿਨੀਂ ਸ. ਧਰਮਸੋਤ ਫੋਰਟਿਸ ਹਸਪਤਾਲ, ਮੁਹਾਲੀ ਵਿਖੇ ਸਰਦੂਲ ਸਿਕੰਦਰ ਦੀ ਸਿਹਤ ਦਾ ਹਾਲ ਜਾਣਨ ਲਈ ਗਏ ਸੀ। ਸਰਦੂਲ ਸਿਕੰਦਰ ਪਿਛਲੇ ਮਹੀਨੇ ਕੋਰੋਨਾ ਦੀ ਲਪੇਟ ਵਿੱਚ ਆ ਗਏ ਸਨ ਅਤੇ ਉਹ ਮੁਹਾਲੀ ਵਿਖੇ ਇਲਾਜ ਜ਼ੇਰੇ-ਇਲਾਜ ਸਨ।

ਜ਼ਿਕਰਯੋਗ ਹੈ ਕਿ 60 ਸਾਲਾ ਸਰਦੂਲ ਸਿਕੰਦਰ, ਪਿੰਡ ਖੇੜੀ ਨੌਧ ਸਿੰਘ, ਜ਼ਿਲਾ ਫਤਹਿਗੜ ਸਾਹਿਬ, ਦੇ ਜੰਮਪਲ ਸਨ, ਜੋ ਕਰੀਬ ਦੋ ਦਹਾਕੇ ਪਹਿਲਾਂ ਪਿੰਡ ਤੋਂ ਖੰਨਾ, ਜ਼ਿਲਾ ਲੁਧਿਆਣਾ ਵਸ ਗਏ ਸਨ। ਉਨਾਂ ਦੇ ਦੋ ਭਰਾ ਗਮਦੂਰ ਅਮਨ ਅਤੇ ਭਰਪੂਰ ਅਲੀ ਪਰਿਵਾਰ ਸਮੇਤ ਪਿੰਡ ਖੇੜੀ ਨੌਧ ਸਿੰਘ ਹੀ ਰਹਿੰਦੇ ਸਨ। ਦੋ ਦਹਾਕੇ ਪਹਿਲਾਂ ਸਰਦੂਲ ਸਿਕੰਦਰ ਦੇ ਵੱਡੇ ਭਰਾ ਅਤੇ ਸੂਫੀ ਗਾਇਕ ਗਮਦੂਰ ਅਮਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਤੇ ਛੋਟੇ ਭਰਾ ਅਤੇ ਉੱਘੇ ਤਬਲਾ ਵਾਦਕ ਉਸਤਾਦ ਭਰਪੂਰ ਅਲੀ ਕਰੀਬ ਇੱਕ ਸਾਲ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ।

ਸਰਦੂਲ ਸਿਕੰਦਰ ਨੇ ਪੰਜਵੀਂ ਤਕ ਦੀ ਸਿੱਖਿਆ ਪ੍ਰਾਇਮਰੀ ਸਕੂਲ ਖੇੜੀ ਨੌਧ ਸਿੰਘ ਤੋਂ ਹਾਸਲ ਕੀਤੀ ਸੀ। ਸਰਦੂਲ ਸਿਕੰਦਰ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ, ਛੋਟੀ ਉਮਰ ਵਿੱਚ ਉਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਰਦੂਲ ਸਿਕੰਦਰ ਦੇ ਪਿਤਾ ਉਸਤਾਦ ਸਾਗਰ ਮਸਤਾਨਾ ਖੇੜੀ ਨੌਧ ਸਿੰਘ ਲਾਗਲੇ ਪਿੰਡ ਹਰਗਣਾ ਦੇ ਵਸਨੀਕ ਸਨ, ਜੋ ਬਾਅਦ ਵਿਚ ਖੇੜੀ ਨੌਧ ਸਿੰਘ ਆ ਕੇ ਰਹਿਣ ਲੱਗ ਪਏ ਸਨ।