ਕੋਵਿਡ ਤੋਂ ਬਚਾਅ ਲਈ ਅਨਾਜ ਮੰਡੀਆਂ ਵਿੱਚ ਲਗਾਏ ਜਾ ਰਹੇ ਟੀਕਾਕਰਨ ਕੈਂਪ 810 ਯੋਗ ਵਿਅਕਤੀਆਂ ਨੇ ਲਿਆ ਲਾਭ

ਕੋਵਿਡ ਤੋਂ ਬਚਾਅ ਲਈ ਅਨਾਜ ਮੰਡੀਆਂ ਵਿੱਚ ਲਗਾਏ ਜਾ ਰਹੇ ਟੀਕਾਕਰਨ ਕੈਂਪ 810 ਯੋਗ ਵਿਅਕਤੀਆਂ ਨੇ ਲਿਆ ਲਾਭ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਲੰਧਰ, 24 ਅਪ੍ਰੈਲ: ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਦੇ ਨਾਲੋ-ਨਾਲ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਮੰਡੀਆਂ ਵਿੱਚ ਆਉਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਸਮੇਤ ਹੋਰਨਾਂ ਯੋਗ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਸੁਰੱਖਿਆ ਪ੍ਰਦਾਨ ਲਈ ਵੈਕਸੀਨ ਦੀ ਖੁਰਾਕ ਦਿੱਤੀ ਜਾ ਸਕੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ 'ਤੇ ਜਲੰਧਰ ਸ਼ਹਿਰ, ਕਰਤਾਰਪੁਰ, ਨੂਰਮਹਿਲ, ਗੋਰਾਇਆ, ਨਕੋਦਰ, ਆਦਮਪੁਰ, ਪਰਜੀਆਂ ਕਲਾਂ, ਕੋਹਾਰ ਕਲਾਂ, ਕਮਾਲਪੁਰ, ਭੋਗਪੁਰ, ਸਬਜ਼ੀ ਮੰਡੀ ਜਲੰਧਰ ਅਤੇ ਬਿਲਗਾ ਦੀਆਂ ਮੰਡੀਆਂ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਕੁੱਲ 810 ਯੋਗ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਸਮੁੱਚੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਜਿਥੇ ਮੰਡੀਆਂ ਵਿੱਚ ਰੋਗਾਣੂ ਮੁਕਤ ਸੋਡੀਅਮ ਹਾਈਪੋ ਕਲੋਰਾਈਟ ਦਾ ਛਿੜਕਾਅ ਨਿਯਮਿਤ ਤੌਰ 'ਤੇ ਕਰਵਾਇਆ ਜਾਂਦਾ ਹੈ ਉਥੇ ਸੈਨੇਟਾਈਜ਼ਰ, ਹੱਥ ਧੋਣ ਲਈ ਸਾਬਣ, ਸਮਾਜਿਕ ਦੂਰੀ ਸਮੇਤ ਹੋਰ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ।

ਜ਼ਿਲ੍ਹਾ ਮੰਡੀ ਅਫ਼ਸਰ ਨੇ ਕਿਹਾ ਕਿ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਨੂੰ ਫ਼ਤਿਹ ਕਰਨ ਲਈ ਜਿਥੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨਾ ਸਮੇਂ ਦੀ ਲੋੜ ਹੈ ਉਥੇ ਯੋਗ ਵਿਅਕਤੀਆਂ ਨੂੰ ਟੀਕਾਕਰਨ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਤੇ ਹੋਰਨਾਂ ਨੂੰ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਯੋਗ ਵਿਅਕਤੀਆਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ।

Related Stories

No stories found.
Raftaar | रफ्तार
raftaar.in