govt-directs-to-fix-all-39black-spots39-on-punjab-roads-in-a-timely-manner
govt-directs-to-fix-all-39black-spots39-on-punjab-roads-in-a-timely-manner
पंजाब

ਪੰਜਾਬ ਦੀਆਂ ਸੜਕਾਂ ਤੇ ਸਾਰੇ ‘ਬਲੈਕ ਸਪਾਟਸ’ ਸਮਾਂਬੱਧ ਢੰਗ ਨਾਲ ਠੀਕ ਕੀਤੇ ਜਾਣ, ਸਰਕਾਰ ਦੀ ਹਦਾਇਤ

news

05/04/2021 ਅਵਾਰਾ ਪਸ਼ੂਆਂ ਦੇ ਸਿੰਗਾਂ ’ਤੇ ਲਗਾਏ ਜਾਣਗੇ ਰੇਡੀਅਮ ਬੈਂਡ ਚੰਡੀਗੜ, 6 ਅਪ੍ਰੈਲ ( ਹਿ ਸ ) : ਸੂਬੇ ਦੀਆਂ ਸੜਕਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਪੰਜਾਬ ਦੇ ਮੁੱਖ ਸੱਕਤਰ ਸ੍ਰੀਮਤੀ ਵਿਨੀ ਮਹਾਜਨ ਨੇ ਸੋਮਵਾਰ ਨੂੰ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਨੂੰ ਨਿਰਦੇਸ਼ ਦਿੱਤੇ ਕਿ ਹਾਦਸੇ ਹੋਣ ਵਾਲੀਆਂ ਸਾਰੀਆਂ ਸੰਭਾਵਤ ਥਾਵਾਂ (ਬਲੈਕ ਸਪਾਟਸ) ਤੇ ਲੋੜੀਂਦੇ ਸੁਧਾਰ ਕੀਤੇ ਜਾਣ ਤਾਂ ਜੋ ਸੜਕ ਹਾਦਸਿਆਂ ’ਚ ਅਜਾਈਂ ਜਾਂਦੀਆਂ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਇਸ ਤੋਂ ਇਲਾਵਾ ਉਹਨਾਂ ਨੇ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਟ੍ਰੈਫਿਕ ਪੁਲਿਸ ਲਈ ਮੌਕੇ ’ਤੇ ਚਲਾਨ ਕਰਨ ਵਾਲੀਆਂ ਈ-ਚਲਾਨਿੰਗ ਮਸ਼ੀਨਾਂ ਖਰੀਦਣ ਸਬੰਧੀ ਪ੍ਰਕਿਰਿਆ ਦਾ ਪਤਾ ਲਗਾਉਣ ਲਈ ਕਿਹਾ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ‘ਤੇ ਈ-ਚਲਾਨ ਜਾਰੀ ਕੀਤੇ ਜਾ ਸਕਣ। ਮੁੱਖ ਸਕੱਤਰ ਨੇ ਇਹ ਨਿਰਦੇਸ਼ ਸੂਬੇ ਵਿਚ ਕੌਮੀ ਰਾਜਮਾਰਗਾਂ (ਐਨ.ਐਚ.) ਅਤੇ ਹੋਰ ਸੂਬਾਈ ਰਾਜ ਮਾਰਗਾਂ (ਐਸ.ਐਚ.) ‘ਤੇ ਮੌਜੂਦ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ ਲਈ ਬਣਾਈ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਸੁਰੱਖਿਅਤ ਪੰਜਾਬ’ ਪ੍ਰੋਗਰਾਮ ਪੰਜਾਬ ਪੁਲਿਸ, ਲੋਕ ਨਿਰਮਾਣ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਸਮੇਤ ਸਾਰੇ ਜ਼ਿਲਾ ਪ੍ਰਸ਼ਾਸਨਾਂ ਦੇ ਸਾਂਝੇ ਉਪਰਾਲੇ ਵਜੋਂ ਲਾਗੂ ਕੀਤਾ ਗਿਆ ਹੈ। ਮੀਟਿੰਗ ਦੌਰਾਨ ਪੰਜਾਬ ਦੀ ਲੀਡ ਏਜੰਸੀ, ਰੋਡ ਸੇਫਟੀ ਦੇ ਡਾਇਰੈਕਟਰ ਜਨਰਲ ਆਰ. ਵੈਂਕਟ ਰਤਨਮ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਐਕਸੀਡੈਂਟ ਸਿਵੀਅਰਟੀ ਇੰਡੈਕਸ ਦੇ ਅਧਾਰ ਤੇ ਵਿਗਿਆਨਕ ਅਧਿਐਨ ਦੇ ਹਿੱਸੇ ਵਜੋਂ ਪੰਜਾਬ ਦੇ 12 ਜਿਲਿਆਂ ਵਿੱਚ ਕੁੱਲ 391 ਬਲੈਕ ਸਪਾਟਸ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਨਾਂ ਬਲੈਕ ਸਪਾਟਸ ਵਿਚੋਂ ਦੁਰਘਟਨਾਵਾਂ ਵਾਲੀਆਂ 264 ਥਾਵਾਂ ਕੌਮੀ ਰਾਜ ਮਾਰਗਾਂ, 64 ਸੂਬਾਈ ਰਾਜ ਮਾਰਗਾਂ, 6 ਲਿੰਕ ਸੜਕਾਂ ‘ਤੇ ਹਨ ਜਦਕਿ 54 ਬਲੈਕ ਸਪਾਟਸ ਮਿਊਂਸੀਪਲ ਸੜਕਾਂ ‘ਤੇ ਮੌਜੂਦ ਹਨ। ਮੀਟਿੰਗ ਦੌਰਾਨ ਐਨ.ਐਚ.ਏ.ਆਈ. ਨੇ ਦੱਸਿਆ ਕਿ ਕੌਮੀ ਰਾਜ ਮਾਰਗਾਂ ਉੱਤੇ 257 ਬਲੈਕ ਸਪਾਟਸ ਵਿੱਚੋਂ 159 ਉਂਨਾਂ ਵਲੋਂ ਪਹਿਲਾਂ ਹੀ ਠੀਕ ਕੀਤੇ ਜਾ ਚੁੱਕੇ ਹਨ। ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਸੜਕਾਂ ਤੇ ਸਬੰਧਤ ਥਾਵਾਂ ਦਾ ਆਡਿਟ ਕਰਨ ਲਈ ਕਿਹਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬਲੈਕ ਸਪਾਟਸ ਹਟਾਉਣ ਤੋਂ ਬਾਅਦ ਕੀ ਮੌਤ ਦਰ ਘਟੀ ਹੈ। ਸਬੰਧਤ ਵਿਭਾਗਾਂ ਨੂੰ ਲੋੜੀਂਦੇ ਫੰਡ ਜਾਰੀ ਕਰਨ ਦਾ ਭਰੋਸਾ ਦਿੰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਲੋਕ ਨਿਰਮਾਣ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਅਤੇ ਨਾਲ ਹੀ ਪੰਜਾਬ ਮੰਡੀ ਬੋਰਡ ਨੂੰ ਉਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਬਾਕੀ ਬਲੈਕ ਸਪਾਟਸ ਦੀ ਮੁਰੰਮਤ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਸੂਬੇ ਭਰ ਵਿਚ ਐਨ.ਐਚ.ਏ.ਆਈ. ਟੋਲ ਪਲਾਜ਼ਿਆਂ ‘ਤੇ ਗਸ਼ਤ ਕਰਨ ਵਾਲੇ ਕੁੱਲ 17 ਵਾਹਨ ਅਤੇ 36 ਐਂਬੂਲੈਂਸਾਂ ਪਹਿਲਾਂ ਤੋਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਦੌਰਾਨ ਮੌਤ ਦਰ ਨੂੰ ਹੋਰ ਘਟਾਉਣ ਅਤੇ ਚਲਾਨ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਮੁੱਖ ਸਕੱਤਰ ਨੇ ਕਿਹਾ ਕਿ ਗਲਤ ਪਾਰਕਿੰਗ, ਲਾਲ ਬੱਤੀ ਟੱਪਣ, ਓਵਰ-ਸਪੀਡਿੰਗ ਅਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਸਬੰਧੀ ਕੇਸਾਂ ਸਮੇਤ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਟਰਾਂਸਪੋਰਟ ਵਿਭਾਗ ਅਤੇ ਵਿੱਤ ਵਿਭਾਗ ਨੂੰ ਮੌਕੇ ਤੇ ਹੀ ਚਲਾਨ ਕੱਟਣ ਖ਼ਾਤਰ ਇਲੈਕਟ੍ਰਾਨਿਕ ਮਸ਼ੀਨਾਂ ਦੀ ਖਰੀਦ ਸਬੰਧੀ ਪੜਚੋਲ ਕਰਨ ਲਈ ਕਿਹਾ ਤਾਂ ਜੋ ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਈ-ਚਲਾਨ ਜਾਰੀ ਕੀਤੇ ਜਾ ਸਕਣ। ਟ੍ਰੈਫਿਕ ਪੁਲਿਸ ਦੇ ਮਜਬੂਤੀਕਰਨ ਦਾ ਭੋਰਸਾ ਦਿੰਦਿਆਂ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਮੀਟਿੰਗ ਵਿੱਚ ਦੱਸਿਆ ਕਿ ਅਗਾਮੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਲੋੜੀਂਦੇ ਜਵਾਨ ਤਾਇਨਾਤ ਕਰ ਦਿੱਤੇ ਜਾਣਗੇ। ਇਸ ਤੱਥ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿ ਕੌਮੀ ਮਾਰਗਾਂ ‘ਤੇ 70 ਫੀਸਦੀ ਸੜਕ ਹਾਦਸੇ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਨ, ਸ੍ਰੀਮਤੀ ਮਹਾਜਨ ਨੇ ਸਥਾਨਕ ਸਰਕਾਰਾਂ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਅਵਾਰਾ ਪਸ਼ੂਆਂ ਦੇ ਸਿੰਗਾਂ ‘ਤੇ ਰਿਫਲੈਕਟਿਵ ਰੇਡੀਅਮ ਬੈਂਡ ਲਗਾਉਣ ਲਈ ਕਿਹਾ। ਏ.ਡੀ.ਜੀ.ਪੀ. ਟ੍ਰੈਫਿਕ ਡਾ: ਸ਼ਰਦ ਐਸ. ਚੌਹਾਨ ਨੇ ਮੀਟਿੰਗ ਵਿੱਚ ਦੱਸਿਆ ਕਿ ਇਸ ਮੁਹਿੰਮ ਤਹਿਤ 5000 ਤੋਂ ਵੱਧ ਅਵਾਰਾ ਪਸ਼ੂਆਂ ਦੇ ਰਿਫਲੈਕਟਿਵ ਰੇਡਿਅਮ ਬੈਂਡ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਇਸ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਗੈਰ ਸਰਕਾਰੀ ਸੰਗਠਨਾਂ ਦੀ ਸਹਾਇਤਾ ਲਈ ਜਾਵੇਗੀ। ਉਨਾਂ ਅੱਗੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਬਲੈਕ ਸਪਾਟਸ ਦਾ ਨਵਾਂ ਮੁਲਾਂਕਣ ਵੀ ਲੀਡ ਏਜੰਸੀ, ਰੋਡ ਸੇਫਟੀ ਅਤੇ ਟ੍ਰੈਫਿਕ ਸਲਾਹਕਾਰ, ਪੰਜਾਬ ਦੀ ਸਹਾਇਤਾ ਨਾਲ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਰੁਧ ਤਿਵਾੜੀ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਸੀਮਾ ਜੈਨ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਯ ਕੁਮਾਰ ਸਿਨਹਾ, ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਐਨ.ਐਚ.ਏ.ਆਈ. ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਹਿੰਦੁਸਥਾਨ ਸਮਾਚਾਰ /ਨਰਿੰਦਰ ਜੱਗਾ / ਕੁਸਮ