ਜ਼ਿਲੇ ਦੀਆਂ ਮੰਡੀਆਂ ਵਿਚ 380764 ਮੀਟਰਕ ਟਨ ਕਣਕ ਦੀ ਆਮਦ ਵਿਚੋਂ 374332 ਮੀਟਰਕ ਟਨ ਦੀ ਖਰੀਦ

ਕਿਸਾਨਾਂ ਨੂੰ ਫਸਲ ਦੀ 84 ਫੀਸਦ ਅਦਾਇਗੀ ਕੀਤੀ
ਜ਼ਿਲੇ ਦੀਆਂ ਮੰਡੀਆਂ ਵਿਚ 380764 ਮੀਟਰਕ ਟਨ ਕਣਕ ਦੀ ਆਮਦ ਵਿਚੋਂ 374332 ਮੀਟਰਕ ਟਨ ਦੀ ਖਰੀਦ
ਕੈਪਸ਼ਨ: ਦਾਣਾ ਮੰਡੀ ਗੁਰਦਾਸਪੁਰ ਵਿਖੇ ਫਸਲ ਖਰੀਦੇ ਜਾਣ ਦਾ ਦਿਰਸ਼।

ਗੁਰਦਾਸਪੁਰ, 29 ਅਪ੍ਰੈਲ: ਜ਼ਿਲਾ ਪ੍ਰਸ਼ਾਸ਼ਨ ਵਲੋਂ ਦਾਣਾ ਮੰਡੀਆਂ ਵਿਚ ਜਿਥੇ ਕਣਕ ਦੀ ਖਰੀਦ ਤੇ ਚੁਕਾਈ ਪ੍ਰਕਿਰਿਆ ਨਿਰਵਿਘਨ ਚਲਾਈ ਰਹੀ ਹੈ, ਜ਼ਿਲੇ ਦੀਆਂ ਮੰਡੀਆਂ ਵਿਚ 380764 ਮੀਟਰਕ ਟਨ ਕਣਕ ( 28 ਅਪ੍ਰੈਲ ਤਕ) ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 374332 ਮੀਟਰਕ ਟਨ ਦੀ ਖਰੀਦ ਹੋ ਗਈ ਹੈ। ਪਨਗਰੇਨ ਵਲੋਂ 101744 ਮੀਟਰਕ ਟਨ, ਮਾਰਕਫੈੱਡ ਵਲੋਂ 93384 ਮੀਟਰਕ ਟਨ, ਪਨਸਪ ਵਲੋਂ 90488 ਮੀਟਰਕ ਟਨ, ਵੇਅਰਹਾਊਸ ਵਲੋਂ 54304 ਅਤੇ ਐਫ.ਸੀ.ਆਈ ਵਲੋਂ 34414 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿਚੋਂ 56 ਫੀਸਦ ਫਸਲ ਦੀ ਚੁਕਾਈ ਹੋ ਚੁੱਕੀ ਹੈ ਤੇ ਚੁਕਾਈ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਕਿਸਾਨਾਂ ਨੂੰ 497 ਕਰੋੜ 22 ਲੱਖ ਰੁਰਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ 84 ਫੀਸਦ ਬਣਦੀ ਹੈ।

ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਗੁਰਦਾਸਪੁਰ ਸ੍ਰੀਮਤੀ ਐਸ.ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਖਰੀਦਣ ਤੇ ਚੁਕਾਈ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਗਈ ਹੈ ਅਤੇ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਨੂੰ ਪੂਰਾ ਕੀਤਾ ਗਿਆ ਹੈ ਤਾਂ ਜੋ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ‘ਅਨਾਜ ਖਰੀਦ ਪੋਰਟਲ’ ਤੇ ਰਜਿਸ਼ਟਰੇਸ਼ਨ ਕਰਨ ਸਬੰਧੀ ਮੰਡੀਆਂ ਵਿਚ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ ਅਤੇ ਸਪੈਸ਼ਲ ਟੀਮਾਂ ਵਲੋ ਮੰਡੀਆਂ ਵਿਚ ਬੈਠ ਕੇ ਕਿਸਾਨ ਤੇ ਆੜ੍ਹਤੀਆਂ ਨੂੰ ਪੋਰਟਲ ਤੇ ਰਜਿਸ਼ਟਰੇਸ਼ਨ ਸਬੰਧੀ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਉਨਾਂ ਨੇ ਅੱਗੇ ਦੱਸਿਆ ਕਿ ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵਿਸ਼ੇਸ ਪ੍ਰਬੰਧ ਹਨ। ਮੰਡੀਆਂ ਵਿਚ ਸ਼ੈਨਾਟਾਇਜ਼ਰ ਅਤੇ ਮਸਾਕ ਉਪਲੱਬਧ ਹਨ ਅਤੇ ਪੀਣ ਲਈ ਸਾਫ ਪਾਣੀ ਆਦਿ ਵਿਵਸਥਾ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਫਸਲ ਸੁਕਾ ਹੀ ਮੰਡੀਆਂ ਵਿਚ ਲਿਆਉਣ, ਤਾਂ ਜੋ ਉਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਪ੍ਰਸ਼ਾਸਨ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ।