ਜਿਲ੍ਹੇ ਚ ਕਿਸਾਨਾਂ ਦੇ ਬੈਂਕ ਖਾਤਿਆਂ ਚ ਪੁੱਜੇ 192 ਕਰੋੜ, 41 ਫੀਸਦੀ ਕਿਸਾਨਾਂ ਨੂੰ ਹੋਇਆ ਭੁਗਤਾਨ : ਡੀ ਸੀ

ਇੱਕ ਹਫਤੇ ਦੇ ਅੰਦਰ ਅੰਦਰ ਕਣਕ ਦਾ ਖਰੀਦ ਸੀਜਨ ਹੋ ਜਾਵੇਗਾ ਮੁਕੰਮਲ
ਜਿਲ੍ਹੇ ਚ ਕਿਸਾਨਾਂ ਦੇ ਬੈਂਕ ਖਾਤਿਆਂ  ਚ ਪੁੱਜੇ 192 ਕਰੋੜ, 41 ਫੀਸਦੀ ਕਿਸਾਨਾਂ ਨੂੰ ਹੋਇਆ ਭੁਗਤਾਨ : ਡੀ ਸੀ

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ : ਮੌਸਮ ਚ ਆਈ ਵਿਪਰੀਤ ਤਬਦੀਲੀ ਦੇ ਬਾਵਜੂਦ ਇਸ ਵਾਰ ਕਣਕ ਦੀ ਖਰੀਦ ਦਾ ਸੀਜਨ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ। ਬੀਤੇ ਸਾਲਾਂ ਚ ਇਹ ਦੇਖਿਆ ਗਿਆ ਹੈ ਕਿ ਕਣਕ ਦੀ ਖਰੀਦ ਦਾ ਸਿਲਸਿਲਾ ਇੱਕ ਅਪ੍ਰੈਲ ਤੋਂ ਸੁਰੂ ਹੋ ਕੇ 30 ਅਪ੍ਰੈਲ ਤੱਕ ਜਾਰੀ ਰਹਿੰਦਾ ਹੈ ਪਰ ਇਸ ਸਾਲ ਮਾਰਚ ਮਹੀਨੇ ਦੇ ਅੰਤ ਅਤੇ ਅਪ੍ਰੈਲ ਦੇ ਸ਼ੁਰੂ ਵਿੱਚ ਮੌਸਮ ਦੇ ਠੰਡਾ ਰਹਿਣ ਅਤੇ ਇਸ ਤੋਂ ਬਾਅਦ ਤਿੱਖੀ ਧੁੱਪ ਕਰਕੇ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸੁਰੂ ਹੋਈ ਅਤੇ ਹੁਣ ਆਸ ਕੀਤੀ ਜਾ ਰਹੀ ਹੈ ਕਿ ਇਹ ਖਰੀਦ ਅਗਲੇ ਇੱਕ ਹਫਤੇ ਚ ਮੁਕੰਮਲ ਹੋ ਜਾਵੇਗੀ। ਡਿਪਟੀ ਕਮਿਸਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਜਿਲ੍ਹੇ ਚ 90 ਫੀਸਦੀ ਤੋਂ ਵੱਧ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਬਹੁਤ ਤੇਜੀ ਨਾਲ ਮੁਕੰਮਲ ਹੋਣ ਦੇ ਨੇੜੇ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਬੋਰਡ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਇਕ ਸਮੀਖਿਆ ਮੀਟਿੰਗ ਵਿੱਚ ਦੱਸਿਆ ਹੈ ਕਿ ਅਗਲੇ ਇੱਕ ਹਫਤੇ ਦੌਰਾਨ ਕਣਕ ਦੀ ਖਰੀਦ ਦਾ ਕੰਮ ਮੁਕੰਮਲ ਹੋ ਜਾਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਜਿਸ ਗਤੀ ਨਾਲ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਹੋ ਰਹੀ ਹੈ ਉਸੇ ਗਤੀ ਨਾਲ ਕਿਸਾਨਾਂ ਤੋਂ ਕਣਕ ਦੀ ਖਰੀਦ ਕੀਤੀ ਵੀ ਜਾ ਰਹੀ ਹੈ। ਹੁਣ ਤੱਕ ਮੰਡੀਆਂ ਵਿੱਚ ਪੁੱਜੀ ਫਸਲ ਦਾ 99 ਫੀਸਦੀ ਹਿੱਸਾ ਰਾਜ ਸਰਕਾਰ,ਕੇਂਦਰ ਦੀਆਂ ਖਰੀਦ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਵੱਲੋਂ ਖਰੀਦ ਲਿਆ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦੀ ਗਈ ਕਣਕ ਦਾ ਭੁਗਤਾਨ ਲਗਾਤਾਰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਚ ਸਿੱਧੇ ਤੌਰ ਤੇ 192 ਕਰੋੜ ਰੁਪਏ ਪੁੱਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹੇ ਦੇ ਕਿਸਾਨਾਂ ਦੀ ਹੁਣ ਤੱਕ ਮੰਡੀਆਂ ਵਿੱਚ ਪੁੱਜੀ ਕਣਕ ਦਾ 41 ਫੀਸਦੀ ਹਿੱਸਾ ਹੈ। ਸ਼੍ਰੀਮਤੀ ਗਿੱਲ ਨੇ ਦੱਸਿਆ ਕਿ 22 ਅਪ੍ਰੈਲ ਤੱਕ ਖਰੀਦ ਏਜੰਸੀ ਪਨਗ੍ਰੇਨ ਨੇ 60 ਫੀਸਦੀ, ਮਾਰਕਫੈਡ ਨੇ 15 ਫੀਸਦੀ, ਪਨਸਪ ਨੇ 52 ਫੀਸਦੀ, ਵੇਅਰ ਹਾਉਸ ਨੇ 34 ਫੀਸਦੀ ਅਤੇ ਐਫ ਸੀ ਆਈ ਨੇ 31 ਫੀਸਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਹਫਤੇ ਦੌਰਾਨ ਕਿਸਾਨਾਂ ਨੂੰ ਹੁਣ ਤੱਕ ਖਰੀਦੀ ਗਈ ਸਾਰੀ ਫਸਲ ਦਾ ਭੁਗਤਾਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਕਮ ਦੀ ਸਿੱਧੀ ਟਰਾਂਸਫਰ ਰਾਹੀਂ ਹੋ ਜਾਵੇਗਾ।

ਜਿਕਰਯੋਗ ਹੈ ਕਿ ਜਿਲ੍ਹਾ ਫਤਹਿਗੜ੍ਹ ਸਾਹਿਬ ਚ ਬੀਤੇ ਸਾਲ 02 ਲੱਖ 22 ਹਜਾਰ ਟਨ ਕਣਕ ਦੀ ਖਰੀਦ ਹੋਈ ਸੀ ਅਤੇ ਇਸ ਸੀਜਨ ਦੌਰਾਨ ਇਹ ਆਕੜਾਂ 02 ਲੱਖ ਟਨ ਦੇ ਪਾਰ ਹੋ ਚੁੱਕਿਆ ਹੈ।